ਸਮਾਜ ਦਾ ਭੂਤਕਾਲ ਹੋਵੇ ਜਾਂ ਵਰਤਮਾਨ ਦੋਵਾਂ ਅੰਦਰ ਇਸਤਰੀ ਨੂੰ Second Sex ਦੇ ਤੌਰ ਤੇ ਚਿਤਵਿਆ ਹੀ ਗਿਆ ਹੈ। ਪਰ ਸਮਾਜ ਅੰਦਰ ਇਕ ਘਿਰਣਤ ਵਿਚਾਰਧਾਰਾਂ ਸਭਿਆਚਾਰ ਪਰਤਾਂ ਅੰਦਰ ਮੂਲ ਰੂਪ ਵਿਚ ਪਾਈ ਜਾਂਦੀ ਹੈ। ਮਰਦ ਪ੍ਰਧਾਨ ਸਮਾਜ ਅੰਦਰ ਮਨੁੱਖ ਗੁੰਡਾਂ, ਬਲਤਕਾਰੀ, ਜਾਲਮ ਹੋਵੇ ਤਾਂ ਉਸਨੂੰ ਸਮਾਜ ਨਾਹਤਾ ਘੋੜਾ ਆਖ ਕੇ ਸਾਰੇ ਦੋਸ਼ਾਂ ਤੋ ਬਰੀ ਹੀ ਨਹੀ ਕਰਦਾ ਸਗੋਂ ਬਰੀ ਕਰਕੇ ਅੱਗੇ ਨੂੰ ਵੀ ਦੋਸ਼ ਕਰਨ ਲਈ ਉਕਸਾਉਂਦਾ ਹੈ। ਪਰ ਇਸ ਦੇ ਉਲਟ ਜੇ ਮਰਦ ਵਲੋਂ ਅਚੇਤ ਜਾਂ ਸੁਚੇਤ ਰੂਪ ਵਿੱਚ ਘਿਨਾਉਣੀਆਂ ਪ੍ਰਸਥਿਤੀਆਂ ਪੈਦਾ ਕਰਕੇ ਇਸਤਰੀ ਸੰਗ ਕੁਕਰਮ, ਆਰਥਿਕ, ਸਰੀਰਕ, ਮਾਨਸਿਕ ਸ਼ੋਸਣ ਕੀਤਾ ਜਾਂਦਾ ਹੈ ਤਾਂ ਇਸਨੂੰ ਅਣਗੋਲਿਆਂ ਹੀ ਨਹੀਂ ਜਾਂਦਾ ਸਗੋਂ ਇਸਤਰੀ ਨੂੰ ਦੋਸ਼-ਰਹਿਤ ਹੁੰਦਿਆਂ ਵੀ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਪੂਰੀ ਤਰ੍ਹਾਂ ਬੇਇੱਜ਼ਤ ਕੀਤਾ ਜਾਂਦਾ ਹੈ। ਕਈ ਵਾਰੀ ਇਹ ਦੋਸ਼ ਉਸਦੇ ਸਾਰੇ ਜੀਵਨ ਨੂੰ ਕਲੰਕਿਤ ਕਰੀ ਰੱਖਦਾ ਹੈ। ਇੱਥੋ ਤੱਕ ਕਿ ਬੱਚੇ ਨੂੰ ਜਨਮ ਦੇਣ ਦੀ ਸਥਿਤੀ ਅੰਦਰ ਮਰਦ ਭਾਵੇਂ ਨਾ-ਮਰਦ ਹੋਵੇ, ਪਰ ਦੋਸ਼ੀ ਇਸਤਰੀ ਨੂੰ ਹੀ ਠਹਰਾਇਆ ਜਾਂਦਾ ਹੈ। ਇਹ ਆਮ ਵੇਖਿਆ ਗਿਆ ਹੈ ਅਤੇ ਅਸੀ ਜਾਣਦੇ ਹਾਂ ਕਿ ਮੁੰਡੇ ਨੂੰ ਦੇਣ ਦੀ ਪ੍ਰਸਥਿਤੀ ਵਿੱਚ ਕੇਵਲ ਤੇ ਕੇਵਲ ਮਨੁੱਖ ਦੇ ਹੀ ਸ਼ਕਰਾਣੂ ਹੀ ਹੁੰਦੇ ਹਨ। ਪਰ ਇਸਤਰੀ ਨੂੰ ‘ਜੰਮ ਧਰੇ ਪੱਥਰ’ ਦਾ ਮੁਹਾਵਰਾ ਵਰਤ ਕੇ ਉਸਦੀ ਥਾਵੇਂ ਹੋਰ ਔਰਤ ਲਿਆ ਕੇ ਉਸਨੂੰ ਜੀਵਨ ਜਿਉਣ ਦੀ ਮੁਥਾਜੀਆਂ ਅੱਗੇ ਤਿਲ-ਤਿਲ ਕੇ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ। ਕੁਦਰਤੀ ਆਈ ਪਤੀ ਦੀ ਮੌਤ ਦਾ ਠੀਕਰਾ ਵੀਂ ਕਈ ਵਾਰੀ ਔਰਤ ਦੇ ਸਿਰ ਹੀ ਭੰਨਿਆ ਜਾਂਦਾ ਹੈ ਅਤੇ ਉਸਨੂੰ ਬੰਦੇ ਖਾਣੀ ਦਾ ਲਕਬ ਦੇ ਕੇ ਸਮਾਜ ਵਿਚੋਂ ਧਰਕਾਰਿਆਂ ਜਾਂਦਾ ਹੈ। ਇਸਤਰੀ ਦੀ ਉਪਰੋਕਤ ਬਿਰਤਾਂਤਿਕ ਤ੍ਰਾਸਦੀ ਨੂੰ ਵਿਸ਼ਾਗਤ ਬਣਾਉਂਦੀ ਹੋਈ ਮੈ ਪਾਂਧੀ ਨਨਕਾਣਵੀ ਦੇ ਦੋ ਨਾਟਕਾਂ ‘ਚਿੜੀ ਵਿਚਾਰੀ ਕੀ ਕਰੇ’ ਅਤੇ ‘ਇਕ ਪਹਿਰ ਰਾਤ’ ਦੇ ਸੰਦਰਭ ਵਿੱਚ ਵਿਚਾਰ-ਵਿਮਰਸ਼ ਅਧੀਨ ਲਿਆਵਾਂਗੀ।
1. ਚਿੜੀ ਵਿਚਾਰੀ ਕੀ ਕਰੇ?(ਘਰਿ ਘਰਿ ਏਹਾ ਅਗਿ) ਤਿੰਨ ਸੰਪੂਰਨ ਨਾਟਕ, ਨਾਟਕਲਾ ਪ੍ਰਕਾਸ਼ਨ, ਦਿੱਲੀ
2. ਇੱਕ ਪਹਿਰ ਰਾਤ, ਨਾਟਕਲਾ ਪ੍ਰਕਾਸ਼ਨ, ਦਿੱਲੀ