ਪਰਵਾਸੀ ਪੰਜਾਬੀ ਸਾਹਿਤ ਦੇ ਸੰਦਰਭ ਵਿਚ ਗੱਲ ਕਰੀਏ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਵਿਵਸਥਾ ਦੇ ਭ੍ਰਿਸ਼ਟ, ਫ਼ਿਰਕੂ ਅਤੇ ਕਾਣੀ ਵੰਡ ਵਾਲੇ ਵਰਤਾਰੇ ਨੇ ਜਨ ਸਾਧਾਰਨ ਦੇ ਮਨ ਵਿਚ ਖਲਬਲੀ ਪੈਦਾ ਕੀਤੀ ਜਿਸ ਦੇ ਸਿੱਟੇ ਵਜੋਂ ਉਹ ਉਪਜੀਵਕਾ ਕਮਾਉਣ ਅਤੇ ਬਿਹਤਰ ਜ਼ਿੰਦਗੀ ਦੀ ਤਲਾਸ਼ ਲਈ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿਚ ਪਹੁੰਚ ਗਏ| ਇਸ ਦਾ ਦੂਜਾ ਵੱਡਾ ਕਾਰਨ ਭਾਰਤੀ ਅਜ਼ਾਦੀ ਦਾ ਤਿੜਕਦਾ ਬਿੰਬ ਬਣਦਾ ਹੈ | ਅਜ਼ਾਦੀ ਤੋਂ ਪਹਿਲਾਂ ਭਾਰਤ ਦੇ ਸਾਰੇ ਵਰਣਾਂ ਅਤੇ ਧਰਮਾਂ ਨੇ ਇਸ ਆਸ ਨਾਲ ਸੰਘਰਸ਼ ਕੀਤਾ ਸੀ ਕਿ ਅਜ਼ਾਦੀ ਤੋਂ ਬਾਅਦ ਉਹ ਸਾਧਨਾਂ ਦੇ ਮਾਲਕ ਹੋਣਗੇ ਅਤੇ ਸਵੈਮਾਣ ਦੀ ਜ਼ਿੰਦਗੀ ਜੀਅ ਸਕਣਗੇ ਪਰੰਤੂ ਅਜ਼ਾਦੀ ਤੋਂ ਬਾਅਦ ਅਜਿਹਾ ਨਾ ਹੋਇਆ| ਸੋ ਭਾਰਤੀਆਂ ਜਾਂ ਪੰਜਾਬੀਆਂ ਵਿਚ ਤੀਬਰ ਇੱਛਾ ਪੈਦਾ ਹੋਈ ਤੇ ਉਨ੍ਹਾਂ ਪਰਵਾਸ ਧਾਰਨ ਵੀ ਕੀਤਾ| ਪਰ ਨਵੇਂ ਸਭਿਆਚਾਰ, ਵਾਤਾਵਰਨ ਅਤੇ ਵਿਵਸਥਾ ਵਿਚ ਪਹੁੰਚ ਕੇ ਉਹ ਕੁਝ ਸਮੇਂ ਲਈ ਬੌਖ਼ਲਾਅ ਵੀ ਜਾਂਦਾ ਹੈ| ਨਵੇਂ ਸਭਿਆਚਾਰ ਵਿਚ ਪਹੁੰਚਿਆ ਪਰਵਾਸੀ ਦੋਹਾਂ ਸਭਿਆਚਾਰਾਂ ਪ੍ਰਤੀ ਖਿੱਚ ਅਤੇ ਵਿੱਥ ਦਾ ਸ਼ਿਕਾਰ ਹੁੰਦਾ ਹੈ। ਇਸ ਤਰ੍ਹਾਂ ਸੰਵੇਦਨਸ਼ੀਲ ਕਵੀ ਜਾਂ ਸਾਹਿਤਕਾਰ ਕੋਲੋਂ ਉਨ੍ਹਾਂ ਸਾਰੇ ਮਨੋਭਾਵਾਂ ਨੂੰ ਪ੍ਰਸਤੁਤ ਕਰਦੀਆਂ ਰਚਨਾਵਾਂ ਦੀ ਸਿਰਜਣਾ ਸਹਿਜੇ ਹੋ ਜਾਂਦੀ ਹੈ |
ਅਜੋਕੀ ਪੰਜਾਬੀ ਕਵਿਤਾ ਦੇ ਖੇਤਰ ਵਿਚ ਹਰਚੰਦ ਸਿੰਘ ਬਾਗੜੀ ਇਕ ਸਮਰੱਥ ਅਤੇ ਸੰਵੇਦਨਸ਼ੀਲ ਕਵੀ ਹੈ। ਉਸ ਦੁਆਰਾ ਰਚਿਤ ਹਰ ਕਾਵਿ-ਸੰਗ੍ਰਹਿ ਮਨੁੱਖ ਲਈ ਇਕ ਨਵੀਂ ਸੇਧ ਲੈ ਕੇ ਆਉਂਦਾ ਹੈ| ਉਹ ਇਕ ਅਜਿਹਾ ਕਵੀ ਹੈ ਜਿਸ ਨੇ ਆਪਣੀ ਕਵਿਤਾ ਵਿਚ ਮਨੁੱਖ ਦੇ ਅੰਦਰਲੇ ਅਤੇ ਬਾਹਰਲੇ ਸੱਚ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ | ਉਸ ਦੀਆਂ ਕਵਿਤਾਵਾਂ ਜਿੱਥੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਉੱਥੇ ਜੀਵਨ ਪ੍ਰਤੀ ਉਸ ਦੇ ਆਸ਼ਾਵਾਦੀ ਨਜ਼ਰੀਏ ਨੂੰ ਵੀ ਬਿਆਨ ਕਰਦੀਆਂ ਹਨ |
ਹਰਚੰਦ ਸਿੰਘ ਬਾਗੜੀ ਕੈਨੇਡਾ ਦੀ ਧਰਤੀ ’ਤੇ ਵਸਿਆ ਹੋਇਆ ਇਕ ਨਾਮਵਰ ਪਰਵਾਸੀ ਕਵੀ ਹੈ, ਉਸ ਨੇ ਪੰਜਾਬੀ ਸਾਹਿਤ ਜਗਤ ਨੂੰ ਇਕ ਦਰਜਨ ਤੋਂ ਵੱਧ ਸਾਹਿਤਕ ਪੁਸਤਕਾਂ ਭੇਂਟ ਕੀਤੀਆ ਹਨ। ‘ਸੋਨੇ ਦਾ ਮਿਰਗ’ ਕਾਵਿ-ਸੰਗ੍ਰਹਿ 1992 ਵਿਚ ਸਿਰਜ ਕੇ ਪੰਜਾਬੀ ਕਵਿਤਾ ਵਿਚ ਪ੍ਰਵੇਸ਼ ਕੀਤਾ| ਇਸ ਉਪਰੰਤ ਉਹ ‘ਸੋਨੇ ਦਾ ਮਿਰਗ’, ‘ਸੁਨਹਿਰੀ ਮਣਕੇ’, ‘ਬੁੱਕ ਮਿੱਟੀ ਦਾ’, ‘ਸਲੋਕਾਂ ਭਰੀ ਚੰਗੇਰ’, ‘ਸਮੇਂ ਦਾ ਸੱਚ’, ‘ਸੁਨੇਹੇ’, ‘ਸੱਜਰੇ ਫੁੱਲ’, ‘ਗਿੱਲੀ ਮਿੱਟੀ ਦਾ ਸੰਵਾਦ’, ‘ਪੈੜਾਂ’, ‘ਕਿਸ ਬਿਧ ਲਈ ਆਜ਼ਾਦੀ’, ‘ਅਣਖ ਪੰਜਾਬ ਦੀ ਮਹਾਰਾਣੀ ਜਿੰਦਾਂ’, ‘ਸਿਲਾ ਨੇਕੀ ਦਾ’ ਅਤੇ ‘ਸਾਗਰ ਤੇ ਛੱਲਾਂ’ ਪ੍ਰਮੁੱਖ ਕਾਵਿ-ਸੰਗ੍ਰਹਿ ਹੁਣ ਤੱਕ ਪੰਜਾਬੀ ਕਾਵਿ-ਜਗਤ ਦੀ ਝੋਲੀ ਪਾ ਚੁੱਕਾ ਹੈ | ਇਸ ਤੋਂ ਇਲਾਵਾ ਹਰਚੰਦ ਸਿੰਘ ਬਾਗੜੀ ਨੇ ਮਹਾਂਕਾਵਿ ਅਤੇ 2 ਕਹਾਣੀ-ਸੰਗ੍ਰਹਿ ਵੀ ਰਚੇ ਹਨ| ਕਵੀ ਨੂੰ ਪਰਵਾਸੀ ਧਰਤੀ ਵੈਨਕੂਵਰ ਦਾ ਪੰਤਾਲੀ ਸਾਲਾਂ ਦਾ ਤਜਰਬਾ ਹੈ, ਜਿਸ ਨੂੰ ਉਹ ਆਪਣੀ ਕਵਿਤਾ ਦਾ ਆਧਾਰ ਬਣਾਉਂਦਾ ਹੈ |
1. ਹਰਚੰਦ ਸਿੰਘ ਬਾਗੜੀ, ਪੈੜਾਂ, ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ, ਪੰਨਾ 36
2. ਉਹੀ, ਸਾਗਰ ਤੇ ਛੱਲਾਂ, ਪੰਨਾ 63
3. ਉਹੀ, ਕਿਸ ਬਿਧ ਲਈ ਆਜ਼ਾਦੀ, ਪੰਨਾ 15
4. ਉਹੀ, ਗਿੱਲੀ ਅੱਖ ਦਾ ਸੰਵਾਦ, ਪੰਨਾ 62
5. ਉਹੀ, ਸਾਗਰ ਤੇ ਛੱਲਾਂ, ਪੰਨਾ 40
6. ਉਹੀ, ਸਿਲਾ ਨੇਕੀ ਦਾ, ਪੰਨਾ 33
7. ਉਹੀ, ਪੰਨਾ 16
8. ਹਰਚੰਦ ਸਿੰਘ ਬਾਗੜੀ, ਸਾਗਰ ਅਤੇ ਛੱਲਾਂ (ਮੁੱਖ ਬੰਦ, ਡਾ. ਭੂਪਿੰਦਰ ਕੌਰ), ਪੰਨਾ 6
9. ਹਰਚੰਦ ਸਿੰਘ ਬਾਗੜੀ, ਸਾਗਰ ਅਤੇ ਛੱਲਾਂ, ਪੰਨਾ 38
10. ਉਹੀ, ਪੰਨਾ 28